ਰਵਿੰਦਰ ਸਿੰਘ ਚੱਕ
ਚੇਅਰਮੈਨ
ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ, ਮੁਕੇਰੀਆਂ
Member, S.G.P.C., Sri Amritsar
ਚੇਅਰਮੈਨ ਦਾ ਸੰਦੇਸ਼
ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੇ ਪਰਿਵਾਰ ਦਾ ਮੁਖੀ ਹੋਣਾ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਪਰ ਇਸਦੇ ਨਾਲ ਹੀ ਮੈਂ ਮਹਿਸੂਸ ਕਰਦਾ ਹਾਂ ਕਿ ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ, ਖਾਸ ਕਰ ਉਦੋਂ ਜਦੋਂ ਉਸ ਪਰਿਵਾਰ ਦੀ ਸਮਾਜਿਕ ਜ਼ਿੰਮੇਵਾਰੀ ਨਿਰਧਾਰਤ ਹੋਵੇ।
ਇਸ ਟਰੱਸਟ ਅਧੀਨ ਕਾਰਜ ਕਰ ਰਹੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਇਲਾਕੇ ਦੀਆਂ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲਾ ਮੋਹਰੀ ਅਦਾਰਾ ਹੈ। ਇਸ ਟਰੱਸਟ ਦੇ ਮੈਂਬਰ ਸਾਹਿਬਾਨ ਦੇ ਸਾਂਝੇ ਉੱਦਮ ਸਦਕਾ ਹੀ ਲੜਕੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਲਿਆ ਗਿਆ ਸੁਪਨਾ ਅੱਜ ਅਮਲੀ ਰੂਪ ਵਿੱਚ ਸਾਕਾਰ ਹੋਇਆ ਹੈ।
ਸਾਡੀ ਇਸ ਸੰਸਥਾ ਦੀਆਂ ਲੜਕੀਆਂ ਅੱਜ ਅਕਾਦਮਿਕ, ਸਹਿ-ਪਾਠਕ੍ਰਮ ਅਤੇ ਖੇਡ ਗਤੀਵਿਧੀਆਂ ਦੇ ਖੇਤਰ ਵਿੱਚ ਕਾਲਜ ਦਾ ਨਾਂ ਇਲਾਕੇ ਦੇ ਨਾਲ-ਨਾਲ ਯੂਨੀਵਰਸਿਟੀ ਅਤੇ ਰਾਜ ਪੱਧਰ ’ਤੇ ਵੀ ਰੌਸ਼ਨ ਕਰ ਰਹੀਆਂ ਹਨ। ਵਿਦਿਆਰਥਣਾਂ ਵੱਲੋਂ ਵੇਖੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਟਰੱਸਟ ਪੂਰੀ ਤਰ੍ਹਾਂ ਵਚਨਬੱਧ ਹੈ।
ਸਾਡਾ ਮੰਤਵ ਵਿਦਿਆਰਥਣਾਂ ਅੰਦਰ ਹੌਸਲਾ, ਹਿੰਮਤ ਭਰਨਾ ਅਤੇ ਸਮਾਜ ਵਿੱਚ ਇੱਕ ਵਿਸ਼ੇਸ਼ ਰੁਤਬਾ ਹਾਸਲ ਕਰਨ ਦੇ ਵਿੱਚ ਉਨ੍ਹਾਂ ਦੀ ਸਹਾਇਤਾ ਕਰਨਾ ਵੀ ਹੈ। ਸਾਡੀ ਸੰਸਥਾ ਦਾ ਮੂਲ ਉਦੇਸ਼ ਆਰਥਿਕ ਲਾਭਾਂ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿਕਾਸ ਵਿੱਚ ਸਕਾਰਾਤਮਕ ਭੂਮਿਕਾ ਅਦਾ ਕਰਨਾ ਹੈ। ਇਹੀ ਕਾਰਨ ਹੈ ਕਿ ਇੱਥੇ ਮਾਤਾ-ਪਿਤਾ ਵਿਹੂਣੀਆਂ ਵਿਦਿਆਰਥਣਾਂ, ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥਣਾਂ ਅਤੇ ਪੱਛੜੇ ਵਰਗਾਂ ਦੀਆਂ ਵਿਦਿਆਰਥਣਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੇ ਵਿੱਦਿਆ ਪ੍ਰਾਪਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ।
ਅਸੀਂ ਗੁਰਬਾਣੀ ਦੇ ਇਸ ਆਸ਼ੇ ਵਿੱਚ ਯਕੀਨ ਰੱਖਦੇ ਹਾਂ ਕਿ ਨਾਰੀ ਸਮਾਜ ਦੀ ਸਿਰਜਕ ਹੈ ਅਤੇ ਸਮਾਜ ਵਿੱਚ ਉਸਦੇ ਉੱਚੇ ਰੁਤਬੇ ਨੂੰ ਬਰਕਰਾਰ ਰੱਖਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕਿਸੇ ਵੀ ਖਿੱਤੇ ਦੀ ਅਮੀਰੀ ਉਸ ਖਿੱਤੇ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਅਕ ਢਾਂਚੇ ਦੇ ਮਿਆਰ ਤੋਂ ਮਾਪੀ ਜਾ ਸਕਦੀ ਹੈ।
ਕਾਲਜ ਵਿੱਚ ਉਨ੍ਹਾਂ ਸਾਰੇ ਮਿਆਰੀ ਪ੍ਰਬੰਧਾਂ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਸੀਂ ਹੌਲੀ-ਹੌਲੀ ਆਪਣੇ ਕੀਤੇ ਵੱਲ ਵੱਧ ਰਹੇ ਹਾਂ। ਮੈਨੂੰ ਮਾਣ ਹੈ ਕਿ ਇਸ ਕਠਿਨ ਕਾਰਜ ਵਿੱਚ ਅਸੀਂ ਇਕੱਲੇ ਨਹੀਂ। ਆਪਣੇ ਇਲਾਕੇ ਲਈ ਸੇਵਾ ਭਾਵ ਰੱਖਦਿਆਂ ਅਸੀਂ ਆਪਣੇ ਇਸ ਸਫ਼ਰ ਨੂੰ ਸੀਮਤ ਨਹੀਂ ਹੋਣ ਦਿਆਂਗੇ, ਸਗੋਂ ਸਿੱਖਿਆ ਦੇ ਨਾਲ-ਨਾਲ ਸਿਹਤ ਸੇਵਾਵਾਂ ਨੂੰ ਬਹਾਲ ਕਰਨ ਵਾਲੇ ਰਾਹਾਂ ਉੱਤੇ ਵੀ ਆਪਣੇ ਕਦਮ ਧਰਦੇ ਰਹਾਂਗੇ।



